Waris Shah - Heer 15 - 20 ( Gurmukhi )




Ranjha jotran vaah de thakk riha, laah arliyaan chauoon nu anwdaa e
bhattan aan ke bhabian kol dhariya, haal apna ro sunanwda e
chhale paye hathin sade pair futte, sannu wahi da kamm na anwdaa e
neend pai n dukhan  de naal raatin din rowane naal vihanwda e
bhabhi akhia ladla baap da sain, ate khra pyarrha maunda e
waras-shah mian feyal bandia de, rabb kudartaan naal azmaunda e

ਰਾਂਝਾ ਜੋਤਰਾ ਵਾਹ ਦੇ ਥੱਕ ਰਿਹਾ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ
ਭੱਤਾਂ ਆਣ ਕੇ ਭਾਬੀਆਂ ਕੋਲ ਧਰਿਆ , ਹਾਲ ਆਪਣਾ ਰੋ ਸੁਣਾਂਵਦਾ ਏ
ਛਾਲੇ ਪਏ ਹੱਥੀਂ ਸਾਡੇ ਪੈਰ ਫੁੱਟੇ,ਸਾਨੂੰ ਵਾਹੀ ਦਾ ਕੰਮ ਨਾ ਆਂਵਦਾ ਏ
ਨੀਂਦ ਪਈ ਨ ਦੁੱਖਾਂ ਦੇ ਨਾਲ ਰਾਤੀਂ ਦਿਨ ਰੋਵਣੇ ਨਾਲ ਵਿਹਾਂਵਦਾ ਏ
ਭਾਬੀ ਆਖਿਆ ਲਾਡਲਾ ਬਾਪ ਦਾ ਸੈਂ,ਅਤੇ ਖਰਾ ਪਿਆਰੜਾ ਮਾਉਂਦਾ ਏ
ਵਾਰਸਸ਼ਾਹ ਮੀਆਂ ਫ਼ੇਅਲ ਬੰਦਿਆ ਦੇ, ਰੱਭ ਕੁਦਰਤਾਂ ਨਾਲ ਅਜ਼ਮਾਉਂਦਾ ਏ                             ||15||



ranjhe aakhia bhabhio vairno ni, tusan bhaiaan naalon vichhorhia je
khashi rooh nu bahut dilgeer karke, tusan phull gulab da torhiya je
sakean bhaiaan naalon vichhorh mainu, kanda vich kaleje de porhia je
bhai jigar te jaan san asiin athe, vakho vakh kar khoon nachorhiya je
tusan  fikar keeta mere kaddne da, bhayiaan naalon vichorhke borhiyaa je
naal wairr de riktaan chdrh bhabhi, saanu pittna hor chamerhiya je
jadon safaa ho turngyiaan taraf jannat, waaras shah di vaag nna morhiya je


 ਰਾਂਝੇ ਆਖਿਆ ਭਾਬੀਓ ਵੈਰਨੋਂ ਨੀਂ , ਤੁਸਾਂ ਭਾਈਆਂ ਨਾਲੋਂ ਵਿਛੋੜਿਆ ਜੇ
ਖ਼ਸ਼ੀ ਰੂਹ ਨੂੰ ਬਹੁਤ ਦਿਲਗੀਰ ਕਰਕੇ,ਤੁਸਾਂ ਫ਼ੁੱਲ ਗੁਲਾਬ ਦਾ ਤੋੜਿਆ ਜੇ
ਸਕਿਆਂ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿਚ ਕਲੇਜੇ ਦੇ ਪੋੜਿਆ ਜੇ
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਕਰ ਖੂਨ ਨਚੋੜਿਆ ਜੇ
ਤੁਸਾਂ ਫਿਕਰ ਕੀਤਾ ਮੇਰੇ ਕੱਢਣੇ ਦਾ,ਭਾਈਆਂ ਨਾਲੋਂ ਵਿਛੋੜਕੇ ਬੋੜਿਆ ਜੇ
ਰਾਤ ਦਿਨੇ ਮੈਂ ਮਸਤ ਸਾਂ ਵਿਚ ਯਾਰਾਂ,ਮਾਰ ਬੋਲੀਆਂ ਤੁਸਾਂ ਅਜੋੜਿਆ ਜੇ
ਨਾਲ ਵੈਰ ਦੇ ਰਿਕਤਾਂ ਛੇੜ ਭਾਬੀ, ਸਾਨੂੰ ਪਿੱਟਣਾ ਹੋਰ ਚਮੇੜਿਆ ਜੇ
ਜਦੋਂ ਸਫ਼ਾ ਹੋ ਟੁਰਨਗੀਆਂ ਤਰਫ਼ ਜੰਨਤ, ਵਾਰਸ ਸ਼ਾਹ ਦੀ ਵਾਗ ਨਾ ਮੋੜਿਆ ਜੇ                           ||16||



karen aakrhan khayeke dudh chaval, eh rajjke khaan diyan mastyiaan ni
gharon nikle te oiya maren bhukha, sabhe bhull jaani kharmstiyan ni
ik tun kalank hai asaan lagga, hor sabh sukhaleean  vasdeeyan ni
 aakhan deoor naal nihaal hoyiaan, saanu sabh shareeknian hasdiyan ni
hathin pakarh kmaan tufaan wali, teer mehnyaan de saanu kasdeeyan ni
vich vehrhiyan behndeean daah charkhe, nitt saadeean hi gallan dhasdeean ni
ke eh ranhe de naal ne gheo shakkar aipar jiuu da bhed na dasdeeyan ni
rannan dhigdeean dekh k chail munda, jinve sheht vich makheeyan fasdeean ni
man bhaunda khaiye jag aakhe, gallan mulkh nu bhaundeeyan rasdeean ni
waaras jinnan nu aadtaan bhairhian ne, sabh khalktaan Os ton nasdeeyan ni            

ਕਰੇਂ ਆਕੜਾਂ ਖਾਇਕੇ ਦੁੱਧ ਚਾਵਲ, ਇਹ ਰੱਜਕੇ ਖਾਣ ਦੀਆਂ ਮਸਤੀਆਂ ਨੀ
ਘਰੋਂ ਨਿਕਲੇਂ ਟੇ ਪਿਆ ਮਰੇਂ ਭੁੱਖਾ, ਸਭਿ ਭੁੱਲ ਜਾਣੀਂ ਖ਼ਰਮਸਤੀਆਂ ਨੀ
ਇਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੀ
ਆਖਣ ਦੇਓਰਾਂ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਨੀਆਂ ਹੱਸਦੀਆਂ ਨੀ
ਹੱਥੀਂ ਪਕੜ ਕਮਾਨ ਟੂਫ਼ਾਨ ਵਾਲੀ , ਤੀਰ ਮੇਹਣਿਆਂ ਦੇ ਸਾਨੂੰ ਕਸਦੀਆਂ ਨੀ
ਵਿਚ ਵਿਹੜਿਆਂ ਬਹਿੰਦੀਆਂ ਢਾਹ ਚਰਖੇ, ਨਿਤ ਸਾਡੀਆਂ ਹੀਂ ਗੱਲਾਂ ਧਸਦੀਆਂ ਨੀ
ਕਿ ਇਹ ਰਾਂਝੇ ਦੇ ਨਾਲ ਨੇ ਘਿਉ ਸ਼ਕਰ ਐਪਰ ਜੀਊ ਦਾ ਭੇਦ ਨਾ ਦਸਦੀਆਂ ਨੀ
ਰੰਨਾਂ ਡਿਗਦੀਆਂ ਵੇਖਕੇ ਛੈਲ ਮੁੰਡਾ, ਜਿਵੇਂ ਸ਼ਹਿਤ ਵਿਚ ਮੱਖੀਆਂ ਫਸਦੀਆਂ ਨੀ
ਮਨ ਭਾਉਂਦਾ ਖਾਈਏ ਜਗ ਆਖੇ, ਗੱਲਾਂ ਮੁਲਖ ਨੂੰ ਭਾਊਂਦੀਆਂ ਰਸਦੀਆਂ ਨੀ
ਵਾਰਸ ਜਿਨ੍ਹਾਂ ਨੂੰ ਆਦਤਾਂ ਭੇੜੀਆਂ ਨੇ, ਸਭ ਖ਼ਲਕਤਾਂ ਓਸ ਤੋਂ ਨੱਸਦੀਆਂ ਨੀ                                     ||17||


tusan chattre marad banaye ditte, sapp rasseeyan de karo daryeeO ni
 raaje bhooj de mukh lgaam de ke, charh dorhieean ho tune hariO ni
koron pandwan di saphaa gaal sutti, zaraa gall de naal buraariyO ni
raawan lank lutaake gard hoiyaa, kare tusan de hainn hattiyaheeO ni
tusan peer walee gos kutab maare, mkraan naal sabhe hainsyeaariO ni
waaras rann di jaat be-afaa hundi, poori naal na kite utaariyO ni                  


 ਤੁਸਾਂ ਛੱਤਰੇ ਮਰਦ ਬਣਾਇ ਦਿਤੇ , ਸੱਪ ਰਸੀਆਂ ਦੇਕਰੋ ਡਾਲੀਓ ਨੀ
ਰਾਜੇ ਭੋਜ ਦੇ ਮੁਖ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਓ ਨੀ
ਕੋਰੇ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਲਿਆਰੀਓ ਨੀ
ਰਾਵਣ ਲੰਕ ਲੁਟਾਇਕੇ ਗਰਦ ਹੋਇਆ , ਕਾਰੇ ਤੁਸਾਂ ਦੇ ਹੈਨ ਹੱਤੀਆਹੀਓ ਨੀ
ਤੁਸਾਂ ਪੀਰ ਵਲੀ ਗੌਸ ਕੁਤਬ ਮਾਰੇ, ਮਕਰਾਂ ਨਾਲ ਸਭੇ ਹੈਂਸਿਆਰੀਓ ਨੀ
ਵਾਰਸ ਰੰਨ ਦੀ ਜਾਤ ਬੇ - ਵਫ਼ਾ ਹੁੰਦੀ , ਪੂਰੀ ਨਾਲ ਨਾ ਕਿਤੇ ਉਤਾਰੀਓ ਨੀ                   ||18||


Bhabhi aakhdi gundeya mundeya ve, sadhe naal ki riktan chayeean ni
asii sharam de mariyan dhubh maryeeye , sadhe bhaa tun  kaheean banaeean ni
ali jeth te jinnan de fattu dewar , dubb moyyeean oh bharjayeean ni
gharon ghari vicharde lok saare , sanu kaheean cha faheeyan paayeean ni
teri gal na banegi nal saadhe , parna lia sialan deean jaayeean ni
Waras shah amorh nu morh nahi, jinna vadeeyan roeh nibaheeyan ni


ਭਾਬੀ ਆਖਦੀ ਗੁੰਡਿਆ ਮੁੰਡਿਆ ਵੇ,  ਸਾਡੇ ਨਾਲ ਕੀ ਰਿਕਤਾਂ ਚਾਈਆਂ ਨੀ
ਅਸੀ ਸ਼ਰਮ ਦੇ ਮਾਰਿਆਂ ਡੁੱਬ ਮਰੀਏ,ਸਾਡੇ ਭਾਅ ਤੂੰ ਕਹੀਆਂ ਬਣਾਈਆਂ ਨੀ
ਅਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ , ਡੁੱਬ ਮੋਈਆਂ ਉਹ ਭਰਜਾਈਆਂ ਨੀ
ਘਰੋਂ ਘਰੀ ਵਿਚਾਰਦੇ ਲੋਕ ਸਾਰੇ , ਸਾਨੂੰ ਕਹੀਆਂ ਚਾ ਫਾਹੀਆਂ ਪਾਈਆਂ ਨੀ
ਤੇਰੀ ਗਲ ਨਾ ਬਣੇਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ
ਵਾਰਸ ਸ਼ਾਹ ਅਮੋੜਾਂ ਨੂੰ ਮੋੜ ਨਾਹੀਂ , ਜਿਨ੍ਹਾਂ ਵਾਦੀਆਂ ਤੋੜ ਨਿਬਾਹੀਆਂ ਨੀ      ||19||


Munh bura disandrha bhabhiye ni, sarhe hoye patang kion sarhni eh..
tere gochra kamm ki piya sannu, ainwe boleeyan naal kion maarni eh..
ainwe gaib deeyan tuhmtan jorh ke te, kujh jhooth na sach nitarni ehh..
ute chahrhke poorhiyeean laah laindi kahe gallan de mehal usarni ee
asan naal ki mamlaa piaa tainu, par pekyaan wallon gawarnee eee
waras shah befayeda umar guzree , bazee roz kiaamtay haarnee ee



ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ
ਤੇਰੇ ਗੋਚਰਾ ਕੰਮ ਕੀ ਪਿਆ ਸਾਨੂੰ , ਐਵਿਂ ਬੋਲੀਆਂ ਨਾਲ ਕਿਉਂ ਮਾਰਨੀ ਏਂ
ਐਵੇਂ ਗੈਬ ਦੀਆਂ ਤੁਹਮਤਾਂ ਜੋੜ ਕੇ ਤੇ , ਕੁਝ ਝੂਠ ਨਾ ਸੱਚ ਨਿਤਾਰਨੀ ਏਂ
ਉਤੇ ਚਾਹੜਕੇ ਪੌੜੀਆਂ ਲਾਹ ਲੈਂਦੀ ਕਹੇ ਗੱਲਾਂ ਦੇ ਮਹਿਲ ਉਸਾਰਨੀ ਏਂ
ਅਸਾਂ ਨਾਲ ਕੀ ਮਾਮਲਾ ਪਿਆ ਤੈਂਨੂੰ ,ਪਰ ਪੇਕਿਆਂ ਗਵਾਰਨੀ ਏਂ
ਵਾਰਸ ਸ਼ਾਹ ਬੇਫ਼ਾਇਦਾ ਉਮਰ ਗੁਜ਼ਰੀ, ਬਾਜ਼ੀ ਰੋਜ਼ ਕਿਆਮਤੇ ਹਾਰਨੀ ਏਂ    ||20||












Comments

Popular Posts